Wednesday, December 14, 2016

ਟਿੱਪਣੀ

ਵਿਚਾਰ
ਮੇਰੀ ਜਾਚੇ ਟਿੱਪਣੀ (comment) ਪਾਣੀ ਵਿੱਚ ਇਕ ਛੋਟਾ ਜਿਹਾ ਪੱਥਰ ਮਾਰਨ ਦੇ ਬਰਾਬਰ ਹੁੰਦੀ ਹੈ। ਜੋ ਇਹ ਮਾਪਦੀ ਹੈ ਕੇ ਤੁਸੀਂ ਮਾਨਸਿਕ ਤੌਰ ਉਤੇ ਖੜੇ ਹੋ ਜਾਂ ਗਤੀਸ਼ੀਲ। ਉਂਜ ਹੀ ਜਿਵੇਂ ਇਹ ਪੱਥਰ ਜੇਕਰ ਪਾਣੀ ਵਿੱਚ ਤਰੰਗਾਂ ਪੈਦਾ ਕਰ ਦੇਵੇ ਤਾਂ ਪਤਾ ਲਗਦਾ ਹੈ ਕੇ ਪਾਣੀ ਖੜਾ ਹੈ। ਦੂਜੇ, ਜੇ ਇਸ ਵਿੱਚ ਤਰੰਗਾਂ ਪੈਦਾ ਨਹੀਂ ਹੁੰਦੀਆਂ ਜਾਣੋ ਕਿ ਜ਼ਰੂਰ ਪਾਣੀ ਗਤੀਸ਼ੀਲ ਹੈ। ਕਹਿਣ ਤੋਂ ਭਾਵ ਕਿ ਟਿੱਪਣੀ ਇੱਕ ਪੈਮਾਨਾ ਵੀ ਹੁੰਦੀ ਹੈ। ਇਸ ਲਈ ਟਿੱਪਣੀ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।

-ਭੁਪਿੰਦਰ।

ਤਰੱਕੀ ਅਤੇ ਤਣਾਅ

ਵਿਚਾਰ

ਅੱਜ ਦੀ ਸਾਡੀ ਇਹ ਜੀਵਨ ਸ਼ੈਲੀ ਥੋੜਾ ਸਮਾਂ ਪਹਿਲਾਂ ਪੈਦਾ ਹੋਈ ਇੱਕ ਨਾਮੁਰਾਦ 'ਤਣਾਅ' (Tension) ਨਾਂ ਦੀ ਬਿਮਾਰੀ ਨਾਲ ਪੂਰੀ ਤਰ੍ਹਾਂ ਗ੍ਰਸਤ ਹੋ ਚੁੱਕਿਆ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਵਿੱਚੋਂ ਇੱਕ ਮੁੱਖ ਕਾਰਨ ਹੈ 'ਅੱਗੇ ਵਧਣ ਦੀ ਦੌੜ' ਭਾਵ ਮੁਕਾਬਲਾ (Competition)। ਦੂਸਰੇ ਸ਼ਬਦਾ ਵਿੱਚ ਆਖਣਾ ਹੋਵੇ ਤਾਂ 'ਜਲਦੀ ਜਲਦੀ ਕਰ ਲਓ ਦੁਨੀਆਂ ਮੁੱਠੀ ਵਿੱਚ' ਆਖਿਆ ਜਾ ਸਕਦਾ ਹੈ। ਤੂੰ ਮੈਥੋਂ ਅੱਗੇ ਤੇ ਮੈਂ ਤੈਥੋਂ ਅੱਗੇ। ਇਸ ਅੰਨ੍ਹੀ ਦੌੜ ਵਿੱਚ ਅਸੀਂ ਜੀਵਨ ਦੇ ਅਸਲੀ ਮਨੋਰਥ ਨੂੰ ਵਿਸਾਰ ਚੁੱਕੇ ਹਾਂ। ਸਾਨੂੰ ਆਪਣੇ ਆਪ ਨੂੰ ਕਾਦਰ ਦੀ ਸਿਰਜੀ ਹੋਈ ਕੁਦਰਤ ਨਾਲ ਜੋੜਨ ਦਾ ਸੰਕਲਪ ਉੱਕਾ ਹੀ ਭੁੱਲ ਚੁੱਕਿਆ ਹੈ। ਅਸੀਂ ਆਪਣੇ ਦੁਆਲੇ ਇੱਕ ਵਹਿਮ ਪਾਲ ਲਿਆ ਹੋਇਆ ਹੈ ਕਿ ਜੋ ਅਸੀਂ ਨਿਰੰਤਰ ਕਰੀ ਜਾ ਰਹੇ ਹਾਂ ਬਸ ਉਹੀ ਸਹੀ ਹੈ ਤੇ ਬਾਕੀ ਸਭ ਵਿਅਰਥ। ਇਸ ਤਰ੍ਹਾਂ ਸਾਡਾ ਜੀਵਨ ਘੇਰਾ ਹੋਰ ਸੌੜਾ ਹੋਈ ਜਾ ਰਿਹਾ ਹੈ ਅਤੇ ਇਸ ਨੂੰ ਘੇਰੇ ਨੂੰ ਸੀਮਤ ਕਰਨ ਵਿੱਚ ਸਹਾਈ ਹੋਈਆਂ ਹਨ 'ਤਰੱਕੀ' ਨਾਂ ਦੀ ਤਰਲੋ ਮੱਛੀ ਦੁਆਰਾ ਜੰਮੀਆਂ ਨਿੱਕੀਆਂ ਨਿੱਕੀਆਂ ਤਰਲੋ-ਮੱਛੀਆਂ ਭਾਵ ਸੁੱਖ-ਸਹੁਲਤਾਂ। ਵੱਡੇ ਵੱਡੇ ਸ਼ਾਪਿੰਗ ਮਾਲਜ਼ ਵਿੱਚ ਪਈਆਂ ਇਹਨਾਂ ਸੋਹਣੀਆਂ ਸੋਹਣੀਆਂ ਸ਼ੈਵਾਂ ਨੂੰ ਵੇਖ ਕੇ ਮੱਲੋ-ਮੱਲੀ ਸਾਡਾ ਉਹ ਖੀਸਾ ਖਾਲੀ ਕਰਨ ਨੂੰ ਜੀਅ ਕਰ ਆਉਂਦਾ ਹੈ ਜੋ ਅਸੀਂ ਦਿਨ-ਰਾਤ ਤਣਾਅ ਭਰੀ ਮਹਿਨਤ ਅਤੇ ਮੁਸ਼ੱਕਤ ਕਰ ਕੇ ਭਰਿਆ ਸੀ। ਅਸਲੀ ਨਸ਼ੇ ਤੋਂ ਵੀ ਭੈੜੇ ਇਹਨਾਂ ਸੁੱਖ-ਸਹੂਲਤਾਂ ਦੇ ਨਸ਼ੇ ਦਾ ਮਾਰੂ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਤੇ ਸਿੱੱਧੇ ਤੌਰ 'ਤੇ ਪੈਣਾ ਲਾਜ਼ਮੀ ਹੈ। ਖੈਰ, ਅੱਜ ਦੇ ਜ਼ਮਾਨੇ ਵਿੱਚ ਵੀ ਮਾੜਾ-ਚੰਗਾ ਭਾਵੇਂ ਸਭ ਕੁਝ ਬੀਤ ਜਾਂਦਾ ਹੈ ਪਰ ਇੱਕ ਤਣਾਅ ਹੀ ਹੈ ਜੋ ਸਾਡੇ ਸਿਰ ਉਤੇ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ। ਇਸ ਤੋਂ ਇਹ ਭਾਵ ਨਹੀਂ ਕਿ ਤਰੱਕੀ ਕਰਨੀ ਹੀ ਛੱਡ ਦੇਣੀ ਚਾਹੀਦੀ ਹੈ। ਤਰੱੱਕੀ ਕਰਨੀ ਜ਼ਰੂਰੀ ਹੈ। ਇਹ ਹਰ ਇੱਕ ਜੀਵ ਦਾ ਜਨਮ ਸਿੱਧ ਅਧਿਕਾਰ ਹੈ, ਪਰ ਜੇ ਇਹ ਤਣਾਅ ਮੁਕਤ ਹੋ ਜਾਵੇ ਤਾਂ ਕਿਆ ਕਹਿਣੇ। 


-ਭੁਪਿੰਦਰ।