Sunday, June 30, 2013

ਲੇਖ (ਚਲੰਤ ਮਸਲੇ)




ਪੰਜਾਬੀ ਮਾਂ-ਬੋਲੀ ਦਾ ਵਿਗੜ ਰਿਹਾ ਮੁਹਾਂਦਰਾ ਅਤੇ ਨੌਜੁਆਨ ਪੀੜ੍ਹੀ


ਵਿਸ਼ਾ “ਪੰਜਾਬ ਵਿਚ ਹੀ ਪੰਜਾਬੀ ਮਾਂ-ਬੋਲੀ ਦਾ ਬੁਰਾ ਹਾਲ” ਅੱਜਕੱਲ ਪੰਜਾਬੀ ਅਖ਼ਬਾਰਾਂ, ਸਾਹਿਤਕ ਰਸਾਲਿਆਂ ਅਤੇ ਹੋਰ ਪੰਜਾਬੀ ਮੀਡੀਏ ‘ਚ ਵੱਖ-ਵੱਖ ਰੂਪਾਂ ਵਿਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤਹਿਤ ਪੰਜਾਬ ਵਿਚ ਚੱਲ ਰਹੇ ਇਕ ਨਵੇਂ ਰੁਝਾਨ ਦੀ ਵਿਚਾਰ-ਚਰਚਾ ਛਿੜੀ ਹੈ। ਇਹ ਰੁਝਾਨ ਇਹ ਹੈ ਕਿ ਅੱਜਕੱਲ ਪੰਜਾਬ ਵਿਚਲੀ ਅਜੋਕੀ ਨੌਜੁਆਨ ਪੀੜ੍ਹੀ ਪੰਜਾਬੀ ਭਾਸ਼ਾ ਦੇ ਮਾਨ-ਸਨਮਾਨ ਨੂੰ ਕਿਵੇਂ ਭੁੱਲ ਚੁੱਕੀ ਹੈ ਅਤੇ ਪੰਜਾਬ ਵਿਚ ਹੀ ਥਾਂ-ਕੁਥਾਂ ਕਿੰਝ ਇਸ ਦਾ ਅਪਮਾਨ ਕੀਤਾ ਜਾ ਰਿਹਾ ਹੈ। ਮੰਦਭਾਗੀ ਗੱਲ ਇਹ ਹੈ ਕਿ ਏਨੇ ਰੌਲ਼ੇ-ਰੱਪੇ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ। ਕਿਸੇ ਬੁੱਧੀਜੀਵੀ ਦੀ ਸਮਝ ਵਿਚ ਇਹ ਨਹੀਂ ਆ ਰਿਹਾ ਹੈ ਕਿ ਅੱਜ ਪੰਜਾਬ ਦੀ ਧਰਤੀ ‘ਤੇ ਹੌਲ਼ੀ-ਹੌਲ਼ੀ ਪੰਜਾਬੀ ਭਾਸ਼ਾ ਵਿੱਚੋਂ ਕੁਝ ਹੋਰ ਹੀ ਊਲ-ਜਲੂਲ ਭਾਸ਼ਾਵਾਂ ਜਨਮ ਲੈ ਰਹੀਆਂ ਹਨ।

ਪਹਿਲੀ ਗੱਲ, ਭਾਸ਼ਾ ਦੇ ਲਿਖਤੀ ਰੂਪ ਵਿਚ ਵਿਗਾੜ ਆਉਣ ਦੀ ਹੈ। ਨੌਜੁਆਨ ਸ਼ੌਕੀਨ-ਮੁੰਡੀਰ ਆਪਣੇ ਸਕੂਟਰ, ਮੋਟਰ-ਸਾਇਕਲ, ਗੱਡੀਆਂ, ਟਰੈਕਟਰ-ਟਰਾਲੀਆਂ ਆਦਿ ਦੇ ਅੱਗੇ-ਪਿਛੇ ਜੋ ਸਲੋਗਨ, ਮੁਹਾਵਰੇ ਅਤੇ ਲੋਕੋਕਤੀਆਂ ਆਦਿ ਲਿਖਵਾਈ ਫਿਰਦੀ ਹੈ ਜਾਂ ਕਿਸੇ ਹੋਰ ਜਨਤਕ ਥਾਂਵਾਂ ਜਾਂ ਵਾਹਨਾਂ ਉਪਰ ਲਿਖੇ ਕਥਿਤ ਸਲੋਗਨਜ਼ ਵਿਚ ਸ਼ਬਦ-ਜੋੜ ਅਤੇ ਵਿਆਕਰਣ ਦੀਆਂ ਕਈ ਤਰੁੱਟੀਆਂ ਨਜ਼ਰ ਆਉਂਦੀਆਂ ਹਨ। ਇਹ ਗੱਲ ਗੰਭੀਰ ਅਤੇ ਸੋਲ਼ਾ ਆਨੇ ਸੱਚ ਹੈ। ਮਿਸਾਲ ਦੇ ਤੌਰ ‘ਤੇ:


'ਅਗਰੇਜ ਖਗੇ ਸੀ ਤਾ ਟਗੇ ਸੀ '

“ਮੁਰਖਾ ਸੱਗਲ ਨਾ ਫੜ”

“ਸਿਰਗਟ ਪਿਣਾ ਮੰਨਾ ਹੈ”

“ਜੇ ਜਵਾਨ ਜੇ ਕਿਸਾਨ”