Monday, November 19, 2012

ਕਵਿਤਾ/ਨਜ਼ਮ


ਸੋਹਣੀ ਪਤਝੜ

ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ 

ਭੂਰੇ, ਲਾਲ ਤੇ ਪੀਲ਼ੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਇੰ ਤੇ ਡਿਗਦੇ , ਨਟਖਟ ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।

ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ਼ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁਟ-ਘੁਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।

Sunday, November 11, 2012

ਹਾਇਕੁ (ਦਿਵਾਲੀ ਦਾ ਤਿਉਹਾਰ)


ਦਿਵਾਲੀ


ਆਈ ਦਿਵਾਲੀ, ਆਈ ਦਿਵਾਲੀ
ਖੁਸ਼ੀਆਂ ਖੇੜੇ ਲਿਆਈ ਦਿਵਾਲੀ।
ਦੁਆ ਹੈ, ਦੀਵਿਆਂ ਦਾ ਤਿਉਹਾਰ ਦਿਵਾਲੀ, ਸਭ ਪਾਸੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਚੇਤਨਾ ਦੀ ਫ਼ਸਲ ਵੱਲੋਂ ਸਭ ਨੂੰ ਲੱਖ-ਲੱਖ ਵਧਾਈ। ਪ੍ਰਮਾਤਮਾਂ ਕਰੇ ਇਹ ਦਿਨ ਸਭ ਲਈ ਆਸਾਂ ਤੇ ਚਾਵਾਂ ਦੇ ਪੂਰਿਆਂ ਹੋਣ ਵਾਲਾ ਹੋਵੇ ਅਤੇ ਆਉਣ ਵਾਲਾ ਸਾਲ 2013 ਭਾਗਾਂ ਭਰਿਆ ਚੜ੍ਹੇ। ਜਗਮਗ ਕਰਦੇ ਦੀਵਿਆਂ ਵਰਗੇ ਕੁਝ ਹੋਰ ਹਾਇਕੁ :-  



1)

ਆਈ ਦਿਵਾਲੀ
ਖੁਸ਼ੀਆਂ ਦਾ ਮਾਹੌਲ
ਖਿੜਿਆ ਦਿਨ

2)

ਗੁਰੂ-ਦੁਆਰੇ
ਵਡੇਰਿਆਂ ਦਾ ਦੀਵਾ
ਬੇਬੇ ਜਗਾਵੇ

3)

ਧਮਾਕੇਦਾਰ
ਚਲਦੇ ਨੇ ਪਟਾਖ਼ੇ
ਰੌਸ਼ਨ ਰਾਤ