Wednesday, December 14, 2016

ਟਿੱਪਣੀ

ਵਿਚਾਰ
ਮੇਰੀ ਜਾਚੇ ਟਿੱਪਣੀ (comment) ਪਾਣੀ ਵਿੱਚ ਇਕ ਛੋਟਾ ਜਿਹਾ ਪੱਥਰ ਮਾਰਨ ਦੇ ਬਰਾਬਰ ਹੁੰਦੀ ਹੈ। ਜੋ ਇਹ ਮਾਪਦੀ ਹੈ ਕੇ ਤੁਸੀਂ ਮਾਨਸਿਕ ਤੌਰ ਉਤੇ ਖੜੇ ਹੋ ਜਾਂ ਗਤੀਸ਼ੀਲ। ਉਂਜ ਹੀ ਜਿਵੇਂ ਇਹ ਪੱਥਰ ਜੇਕਰ ਪਾਣੀ ਵਿੱਚ ਤਰੰਗਾਂ ਪੈਦਾ ਕਰ ਦੇਵੇ ਤਾਂ ਪਤਾ ਲਗਦਾ ਹੈ ਕੇ ਪਾਣੀ ਖੜਾ ਹੈ। ਦੂਜੇ, ਜੇ ਇਸ ਵਿੱਚ ਤਰੰਗਾਂ ਪੈਦਾ ਨਹੀਂ ਹੁੰਦੀਆਂ ਜਾਣੋ ਕਿ ਜ਼ਰੂਰ ਪਾਣੀ ਗਤੀਸ਼ੀਲ ਹੈ। ਕਹਿਣ ਤੋਂ ਭਾਵ ਕਿ ਟਿੱਪਣੀ ਇੱਕ ਪੈਮਾਨਾ ਵੀ ਹੁੰਦੀ ਹੈ। ਇਸ ਲਈ ਟਿੱਪਣੀ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।

-ਭੁਪਿੰਦਰ।

ਤਰੱਕੀ ਅਤੇ ਤਣਾਅ

ਵਿਚਾਰ

ਅੱਜ ਦੀ ਸਾਡੀ ਇਹ ਜੀਵਨ ਸ਼ੈਲੀ ਥੋੜਾ ਸਮਾਂ ਪਹਿਲਾਂ ਪੈਦਾ ਹੋਈ ਇੱਕ ਨਾਮੁਰਾਦ 'ਤਣਾਅ' (Tension) ਨਾਂ ਦੀ ਬਿਮਾਰੀ ਨਾਲ ਪੂਰੀ ਤਰ੍ਹਾਂ ਗ੍ਰਸਤ ਹੋ ਚੁੱਕਿਆ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਵਿੱਚੋਂ ਇੱਕ ਮੁੱਖ ਕਾਰਨ ਹੈ 'ਅੱਗੇ ਵਧਣ ਦੀ ਦੌੜ' ਭਾਵ ਮੁਕਾਬਲਾ (Competition)। ਦੂਸਰੇ ਸ਼ਬਦਾ ਵਿੱਚ ਆਖਣਾ ਹੋਵੇ ਤਾਂ 'ਜਲਦੀ ਜਲਦੀ ਕਰ ਲਓ ਦੁਨੀਆਂ ਮੁੱਠੀ ਵਿੱਚ' ਆਖਿਆ ਜਾ ਸਕਦਾ ਹੈ। ਤੂੰ ਮੈਥੋਂ ਅੱਗੇ ਤੇ ਮੈਂ ਤੈਥੋਂ ਅੱਗੇ। ਇਸ ਅੰਨ੍ਹੀ ਦੌੜ ਵਿੱਚ ਅਸੀਂ ਜੀਵਨ ਦੇ ਅਸਲੀ ਮਨੋਰਥ ਨੂੰ ਵਿਸਾਰ ਚੁੱਕੇ ਹਾਂ। ਸਾਨੂੰ ਆਪਣੇ ਆਪ ਨੂੰ ਕਾਦਰ ਦੀ ਸਿਰਜੀ ਹੋਈ ਕੁਦਰਤ ਨਾਲ ਜੋੜਨ ਦਾ ਸੰਕਲਪ ਉੱਕਾ ਹੀ ਭੁੱਲ ਚੁੱਕਿਆ ਹੈ। ਅਸੀਂ ਆਪਣੇ ਦੁਆਲੇ ਇੱਕ ਵਹਿਮ ਪਾਲ ਲਿਆ ਹੋਇਆ ਹੈ ਕਿ ਜੋ ਅਸੀਂ ਨਿਰੰਤਰ ਕਰੀ ਜਾ ਰਹੇ ਹਾਂ ਬਸ ਉਹੀ ਸਹੀ ਹੈ ਤੇ ਬਾਕੀ ਸਭ ਵਿਅਰਥ। ਇਸ ਤਰ੍ਹਾਂ ਸਾਡਾ ਜੀਵਨ ਘੇਰਾ ਹੋਰ ਸੌੜਾ ਹੋਈ ਜਾ ਰਿਹਾ ਹੈ ਅਤੇ ਇਸ ਨੂੰ ਘੇਰੇ ਨੂੰ ਸੀਮਤ ਕਰਨ ਵਿੱਚ ਸਹਾਈ ਹੋਈਆਂ ਹਨ 'ਤਰੱਕੀ' ਨਾਂ ਦੀ ਤਰਲੋ ਮੱਛੀ ਦੁਆਰਾ ਜੰਮੀਆਂ ਨਿੱਕੀਆਂ ਨਿੱਕੀਆਂ ਤਰਲੋ-ਮੱਛੀਆਂ ਭਾਵ ਸੁੱਖ-ਸਹੁਲਤਾਂ। ਵੱਡੇ ਵੱਡੇ ਸ਼ਾਪਿੰਗ ਮਾਲਜ਼ ਵਿੱਚ ਪਈਆਂ ਇਹਨਾਂ ਸੋਹਣੀਆਂ ਸੋਹਣੀਆਂ ਸ਼ੈਵਾਂ ਨੂੰ ਵੇਖ ਕੇ ਮੱਲੋ-ਮੱਲੀ ਸਾਡਾ ਉਹ ਖੀਸਾ ਖਾਲੀ ਕਰਨ ਨੂੰ ਜੀਅ ਕਰ ਆਉਂਦਾ ਹੈ ਜੋ ਅਸੀਂ ਦਿਨ-ਰਾਤ ਤਣਾਅ ਭਰੀ ਮਹਿਨਤ ਅਤੇ ਮੁਸ਼ੱਕਤ ਕਰ ਕੇ ਭਰਿਆ ਸੀ। ਅਸਲੀ ਨਸ਼ੇ ਤੋਂ ਵੀ ਭੈੜੇ ਇਹਨਾਂ ਸੁੱਖ-ਸਹੂਲਤਾਂ ਦੇ ਨਸ਼ੇ ਦਾ ਮਾਰੂ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਤੇ ਸਿੱੱਧੇ ਤੌਰ 'ਤੇ ਪੈਣਾ ਲਾਜ਼ਮੀ ਹੈ। ਖੈਰ, ਅੱਜ ਦੇ ਜ਼ਮਾਨੇ ਵਿੱਚ ਵੀ ਮਾੜਾ-ਚੰਗਾ ਭਾਵੇਂ ਸਭ ਕੁਝ ਬੀਤ ਜਾਂਦਾ ਹੈ ਪਰ ਇੱਕ ਤਣਾਅ ਹੀ ਹੈ ਜੋ ਸਾਡੇ ਸਿਰ ਉਤੇ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ। ਇਸ ਤੋਂ ਇਹ ਭਾਵ ਨਹੀਂ ਕਿ ਤਰੱਕੀ ਕਰਨੀ ਹੀ ਛੱਡ ਦੇਣੀ ਚਾਹੀਦੀ ਹੈ। ਤਰੱੱਕੀ ਕਰਨੀ ਜ਼ਰੂਰੀ ਹੈ। ਇਹ ਹਰ ਇੱਕ ਜੀਵ ਦਾ ਜਨਮ ਸਿੱਧ ਅਧਿਕਾਰ ਹੈ, ਪਰ ਜੇ ਇਹ ਤਣਾਅ ਮੁਕਤ ਹੋ ਜਾਵੇ ਤਾਂ ਕਿਆ ਕਹਿਣੇ। 


-ਭੁਪਿੰਦਰ।      

Tuesday, June 9, 2015

ਲੇਖ


 ਕੁਦਰਤ ਦੇ ਰੰਗਾਂ ਵਿੱਚ ਰੰਗਿਆ ਇਕ ਪ੍ਰੌੜ ਸ਼ਾਇਰ

- ਰਤਨ ਟਾਹਲਵੀ

ਰਤਨ ਟਾਹਲਵੀ ਦਾ ਨਾਂ ਅੱਜ ਸ਼ਾਇਦ ਹੀ ਕਿਸੇ ਜਾਣ-ਪਛਾਣ ਦਾ ਮੁਥਾਜ ਹੈ। ਸੱਭਿਆਚਾਰਕ ਗੀਤਕਾਰੀ ਦੇ ਖੇਤਰ ਵਿਚ ਇਸ ਨਾਂ ਲਈ ਇਕ ਵਿਸ਼ੇਸ਼ ਥਾਂ ਹੈ। ਆਪਣੀ ਸੁਹਿਰਦ ਅਤੇ ਸੱਭਿਆਚਾਰਕ ਲੇਖਣੀ ਕਰਕੇ ਇਹ ਅਨੇਕਾਂ ਹੀ ਵਾਰ ਸਨਮਾਨਿਤ ਹੋ ਚੁੱਕੇ ਹਨਸਟੇਜਾਂ ਉਤੇ ਅਤੇ ਹੋਰ ਮੀਡੀਏ ਵਿੱਚ ਉਹਨਾਂ ਨੂੰ ਵੱਖਰੇ-ਵੱਖਰੇ ਖਿਤਾਬ ਜਿਵੇਂ  ‘ਕੁਦਰਤ ਦਾ ਕਵੀ’, ‘ਵਗਦੇ ਦਰਿਆਵਾਂ ਦਾ ਵਹਿਣ’ ਆਦਿ ਮਿਲ ਚੁੱਕੇ ਹਨ। ਖੁੱਲੇ-ਡੁੱਲੇ ਅਤੇ ਸਾਊ ਸੁਭਾਅ ਦੇ ਇਸ ਪ੍ਰੌੜ ਸ਼ਾਇਰ ਦਾ ਜਨਮ ਜਿਲ੍ਹਾ ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਟਾਹਲੀ, ਪਿਤਾ ਸਵ.ਸ. ਚਰਨ ਸਿੰਘ ਅਤੇ ਮਾਤਾ ਸ਼੍ਰੀਮਤੀ ਰਾਜ ਕੌਰ ਦੀ ਕੁਖੋਂ ਸਾਲ 1956 ਵਿੱਚ ਹੋਇਆ। ਬਚਪਨ ਇੱਕ ਆਮ ਬੱਚੇ ਵਾਂਗ ਇਸ ਪਿੰਡ ਦੀਆਂ ਵਾਦੀਆਂ, ਸ਼ਾਂਤ ਵਗਦੇ ਦਰਿਆ ਦੇ ਮਨਚਲੇ ਪਾਣਿਆਂ ਨਾਲ ਅੱਠਖੇਲੀਆਂ ਕਰਦਿਆਂ ਅਤੇ ਇਹਨਾਂ ਦੇ ਗੀਤ ਗਾਉਂਦਿਆਂ ਹੀ ਗੁਜ਼ਰਿਆ। ਸਕੂਲ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ। ਅਗਲੇਰੀ ਪੜ੍ਹਾਈ ਕੁਝ ਘਰੇਲੂ ਕਾਰਨਾਂ ਕਰਕੇ ਵਿੱਚ ਹੀ ਰੋਕਣੀ ਪਈ। ਬਚਪਨ ਤੋਂ ਹੀ ਮਿੱਠ-ਬੋਲੜਾ ਸੁਭਾਅ, ਸਭ ਦੇ ਦਿਲਾਂ ਨੂੰ ਖਿੱਚ ਪਾਉਂਦਾ ਰਿਹਾ ਹੈ। ਕੋਈ ਵੀ ਜਾਣਕਾਰ ਹੋਵੇ ਜਾਂ ਫਿਰ ਅਣਜਾਣ ਬੰਦਾ ਇਹਨਾਂ ਦੇ ਦਾਰਸ਼ਨਿਕ ਸੁਭਾਅ ਦਾ ਕਾਇਲ ਹੋ ਕੇ ਰਹਿ ਜਾਂਦਾ ਹੈ। ਸ਼ਾਦੀ ਬੀਬੀ ਚਰਨਜੀਤ ਕੌਰ ਨਾਲ ਸਾਲ 1980 ਵਿਚ ਹੋਈ। ਪੰਜ ਜੀਆਂ ਦੇ ਪੂਰੇ ਪਰਿਵਾਰ ਵਿਚ ਦੋ ਸਪੁੱਤਰ ਸ.ਦਵਿੰਦਰ ਸਿੰਘ ਅਤੇ ਵਰਿੰਦਰ ਸਿੰਘ ਹਨ। ਸ.ਦਵਿੰਦਰ ਸਿੰਘ ਦੀ ਸ਼ਾਦੀ ਬੀਬੀ ਸੁਖਜਿੰਦਰ ਕੌਰ ਨਾਲ ਹੋ ਚੁੱਕੀ ਹੈ। ਕੋਈ ਵੀਹ ਕੁ ਸਾਲਾਂ ਤੋਂ ਆਪ ਖ਼ੁਦ ਉਹ ਇੱਕ ਉਸ ਵਿੱਦਿਅਕ ਸੰਸਥਾ ਦੇ ਸੰਚਾਲਕ ਹਨ ਜੋ ਇਲਾਕੇ ਦੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਮੁਫ਼ਤ ਵਿੱਦਿਆ ਪ੍ਰਦਾਨ ਕਰਦੀ ਹੈ। ਉਹ ਦੱਸਦੇ ਹਨ ਕਿ ਇਸ ਸੰਸਥਾ ਤੋਂ ਵਿੱਦਿਆ ਹਾਸਲ ਕਰ ਕੇ ਗਏ ਬੱਚਿਆਂ ਨੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਹਨ।    

                      ਪੰਜਾਬ ਦੀ ਧਰਤੀ ਉੱਪਰ ਵਗ ਰਹੇ ਨਸ਼ਿਆਂ ਦੇ ਦਰਿਆ ਤੋਂ ਨੌਜੁਆਨ ਪੀੜ੍ਹੀ ਅੱਜ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕੀ ਹੈ। ਅਠਾਰਾਂ ਤੋਂ ਲੈ ਕੇ ਤੀਹ ਸਾਲ ਦੇ ਨੌਜੁਆਨਾਂ ਦਾ ਇੱਕ ਵੱਡਾ ਹਿੱਸਾ ਪੂਰੀ ਤਰਾਂ ਨਸ਼ਿਆਂ ਦੀ ਮਾਰ ਹੇਠ ਆ ਚੁੱਕਾ ਹੈ। ਪੰਜਾਬ ਦੀ ਇਸ ਅੱਜ ਦੀ ਹੋਣੀ ਨੂੰ ਦੇਖ ਕੇ ਇੱਕ ਆਮ ਇਨਸਾਨ ਦੰਦਾਂ ਹੇਠ ਜੀਭ ਲੈ ਕੇ ਰਹਿ ਜਾਂਦਾ ਹੈ। ਜਿੱਥੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਰਾਹੀਂ ਪੰਜਾਬੀ ਦੇ ਹੋਰ ਲੇਖਕ ਇਸ ਪਾਸੇ ਆਪਣਾ ਯੋਗਦਾਨ ਪਾ ਰਹੇ ਹਨ ਉਥੇ ਰਤਨ ਟਾਹਲਵੀ ਵੀ ਆਪਣੀ ਸ਼ਾਇਰੀ ਰਾਹੀ ਨਸ਼ਿਆਂ ਵਿੱਚ ਗ਼ਲਤਾਨ ਹੁੰਦੀ ਜਾ ਰਹੀ ਨੌਜੁਆਨ ਪੀੜ੍ਹੀ ਨੂੰ ਬਚਾਉਣ ਲਈ ਪੁਰਜ਼ੋਰ ਯਤਨਸ਼ੀਲ ਹਨ ਉਹਨਾਂ ਆਪਣੇ ਸਪੁੱਤਰ ਸ.ਦਵਿੰਦਰ ਸਿੰਘ ਹੁਰਾਂ ਨੂੰ ਵੀ ਲੇਖਣ ਕਲਾ ਵੱਲ ਪਰੇਰ ਲਿਆ ਹੈ। ਉਹਨਾਂ ਦੀ ਨਵੀਂ ਛਪੀ ਪੁਸਤਕ 'ਪੰਜਾਬੀ ਵਿਹੜਾ' ਵਿਚ ਦਵਿੰਦਰ ਟਾਹਲਵੀ ਨੇ ਕੋਈ ਵੀਹ ਕੁ ਗੀਤ ਲਿਖੇ ਹਨ ਸੱਭਿਆਚਾਰਕ ਗੀਤਕਾਰੀ ਦੇ ਖੇਤਰ ਵਿੱਚ ਇੱਕ ਬਹੁਤ ਸੁਹਿਰਦ ਸ਼ੁਰੂਆਤ ਕਹੀ ਜਾ ਸਕਦੀ ਹੈ।        



Saturday, June 6, 2015

ਦੋਹੇ

ਰਿਸ਼ਤੇ-ਦੂਰੀ

ਰਿਸ਼ਤੇਦਾਰੀ ਬਦਲੀ ਰਿਸ਼ਤੇ-ਦੂਰੀ ਵਿੱਚ
ਮੈਂ ਕੋਈ ਤੇਰਾ ਭਾਈ ਨਹੀਂ ਮਜ਼ਬੂਰੀ ਵਿੱਚ।

ਲਹੁ-ਸਫ਼ੈਦ ਸਲੂਕ ਗੁਆਚਾ ਭਾਈਆਂ ਦਾ
ਦੁੱਖ-ਸੁੱਖ ਮੁੱਕਿਆ ਇੱਕੋ ਢਿੱਡੋਂ ਜਾਈਆਂ ਦਾ।

ਮਾਮੀ ਆਖੇ, ਸੁਣ! ਮਾਸੀ ਔਪਚਾਰ ਕੁਰੇ
ਨਿੱਕੀ ਕਾਹਨੂੰ ਸੱਦਣੀ, ਗੋਲ਼ੀ ਮਾਰ ਕੁਰੇ।

ਭੂਆ ਕਰਦੀ ਚਾਅ ਤਾਹੀਂ ਰਤਾ ਭਤੀਜੇ ਦਾ
ਜੇ ਸਾਲ਼ਾ ਬੋਤਲ ਰੱਖ ਕੇ ਕਰਦਾ ਜੀਜੇ ਦਾ।


Wednesday, May 20, 2015

ਮਿੰਨੀ ਕਹਾਣੀ


ਗਰੀਬੂ ਦੀ ਗਤੀ

ਦਿਆਲੋ ! ਕੁੜੇ ਅੱਜ ਉਹ ਬੈਠਾ,...ਸਾਨੂੰ ਦਿਸਦਾ
ਹਾਂ। ਉਹ ਬੈਠਾ ਐ ….ਕੁੜੇ । ਬਾਹਰਲੇ ਬਾਗ਼ ਦੇ ਇਕ ਕੁਬੜੇ ਅੰਬ ਦੇ ਬੂਟੇ ਤੇਮਹਾਰਾਜ ਨੇ ਗੰਭੀਰ ਪਰ ਸ਼ਾਂਤ-ਮੁਖ ਬਚਨ ਕੀਤੇ
ਕੌਣ ਮਹਾਰਾਜ ?”
ਮਹਾਰਾਜ ਦੇ ਏਨੇ ਬਚਨ ਸੁਣ ਕੇ ਸਾਰੇ ਟੱਬਰ ਵਿੱਚੋਂ ਸਭ ਤੋਂ ਮੁਹਰੇ ਮਹਾਰਾਜ ਦੇ ਨੇੜੇ ਬੈਠੀ ਦਿਆਲੋ ਦੇ ਸਾਹ ਸੂਤ ਗਏ। ਉਹ ਅੱਜ ਕਈ ਮਹੀਨਿਆਂ ਬਾਦ ਦਿਆਲੋ ਦੇ ਘਰ ਪਧਾਰੇ ਸਨ। ਧੰਨਭਾਗ ਸਨ।

Saturday, May 9, 2015

ਕਵਿਤਾ/ਨਜ਼ਮ

ਮਾਂ-ਬੋਲੀ ਪੰਜਾਬੀ

ਪੰਜਾਬੀ ਨੂੰ ਮੇਰਾ ਸਲਾਮ
ਓਸ ਮਾਂ ਨੂੰ ਵੀ  ਸਲਾਮ
ਮੋਹ ਪੰਜਾਬੀ ਨਾਲ ਕਰਵਾਇਆ
ਪੰਜਾਬੀ ਦਾ ਵਾਰਸ ਬਣਾਇਆ
ਮਾਂ-ਬੋਲੀ ‘ਚ ਸੁਣਾ ਲੋਰੀਆਂ
ਧੁਰ ਅੰਦਰੋਂ ਪੰਜਾਬੀ ਬਣਾਇਆ




ਹਾਇਕੁ ਲੋਕ

Tuesday, April 28, 2015

ਕਵਿਤਾ/ਨਜ਼ਮ

ਕਾਫ਼ਿਲੇ ਦਾ ਪਾਂਧੀ  (ਰਤਨ ਟਾਹਲਵੀ)
                                                      

ਉਦੋਂ
ਮੈਂ ਵੀ ਉਸ ਕਾਫ਼ਿਲੇ ਦਾ ਪਾਂਧੀ ਸਾਂ
ਜੋ ਪਰਾਈ ਧਰਤੀ ਨੂੰ
ਰਾਜਕ ਰਹੀਮ ਮੰਨ
ਸੱਤਾਂ ਪਾਣੀਆਂ ਨੂੰ ਪਾਰ ਕਰੀ ਜਾ ਰਿਹਾ ਸੀ
ਕੁਝ ਮੇਰੇ ਵਰਗੇ,
ਮਜ਼ਬੂਰੀ ਤੇ ਪੇਟ ਖਾਤਰ
ਕੁਝ ਸਰਦੇ ਪੁੱਜਦੇ ਘਰਾਂ ਦੇ
ਆਪਣੇ ਅਰਥਚਾਰੇ ਨੂੰ
ਵੱਡੇ ਤੋਂ ਵੱਡੇ ਅੰਕ ਨਾਲ ਜ਼ਰਬ ਦੇਣ ਲਈ                                                            

ਬੱਸ,                                                                                                                     
ਸਭ ਚਲਦੇ ਹੀ ਜਾ ਰਹੇ ਸਨ।

Saturday, April 18, 2015

ਹਾਸ-ਵਿਅੰਗ


‘ਕਾਮਨ ਸੈਂਸਾਂ’ ਨੇ ਕੀ ਸੌਰਨਾਂ!

ਖੁਸ਼ਖ਼ਬਰੀ! ....ਖੁਸ਼ਖ਼ਬਰੀ!
ਕਿਸਾਨ ਵੀਰਾਂ ਲਈ ਦਿਵਾਲੀ ਦਾ ਤੋਹਫ਼ਾ,
ਡੀ.ਡੀ ਬੰਬ! ਆ ਗਿਆ...ਆ ਗਿਆ...!  
ਕਿਸਾਨ ਵੀਰੋ! ਕਾਮਨ ਸੈਂਸ ਦਾ
ਇਸਤੇਮਾਲ ਕਰੋ  ਤੇ ਪਾਓ ਆਪਣੀ ਫ਼ਸਲ ਦਾ ਵੱਧ ਝਾੜ!”                                                                                                                          
ਅਖ਼ਬਾਰ ਵਿਚ ਛਪੀ ਇਸ ਮਸ਼ਹੂਰੀ ਵਿਚਲੇ ਡੀ.ਡੀ ਬੰਬ ਵੱਲ ਸੱਥ ਵਾਲਿਆਂ ਧਿਆਨ ਤਾਂ ਕੀ ਜਾਣਾ ਸੀ, ਉਲਟਾ ਇਸ ਵਿਚਲੇ ‘ਕਾਮਨ ਸੈਂਸ ਨੇ ਆਪਣਾ ਹੀ ਗਧੀ ਗੇੜ ਘੁਮਾ ਲਿਆ ਗੱਲ ਲੱਖੇ ਹੁਰਾਂ ਦੇ ਭੰਦੇ ਤੋਂ ਸ਼ੁਰੂ ਹੋਈਉਸਨੂੰ ਅਖ਼ਬਾਰ ਵਿਚ ਛਪੀਆਂ ਖ਼ਬਰਾਂ ਘੱਟ ਪਰ ਮਸ਼ਹੂਰੀਆਂ ਪੜ੍ਹਨ ਦਾ ਬੜਾ ਸ਼ੌਕ ਸੀਰੱਬ ਜਾਣੇ, ਕੀ ਲੱਭਦਾ ਹੋਊ ਉਸਨੂੰ ਇਹਨਾਂ ‘ਚੋਂ। ਖੈਰ, ਮਸ਼ਹੂਰੀ ਵਿਚ ਲਿਖੇ ਡੀ.ਡੀ ਬੰਬ ਨੂੰ ਤਾਂ ਉਹ ਆਪਣੇ ਹਲਖ ਵਿਚ ਹੀ ਦੱਬ ਗਿਆ, ਪਰ ‘ਕਾਮਨ ਸੈਂਸ’ ਨੂੰ ਉਸਨੇ ‘ਕੱਚੇ ਲਾਹ ਲਿਆ’ ਇਹ ਕਾਮਨ ਸੈਂਸ ਕੀ ਹੋ ਸਕਦਾ ਸਹੁਰੀ ਦਾ? ਸੋਚਦਾ ਸੋਚਦਾ ਉਹ ਸੋਚਾਂ ਵਾਲੇ ਫ਼ਲੈਸ਼ ਬੈਕ ਵਿਚ ਵੀ ਜਾ ਕੇ ਵੇਖ ਆਇਆ, ਪਰ ਗੱਲ ਨਾ ਬਣੀ। ਅਖ਼ਬਾਰ ਨੂੰ ਉਲਟ ਕੇ ਉਸ ਜੀ ਭਿਆਣੇ ਨੇ ਕੋਲ ਬੈਠੇ ਬੂੜ ਸਿਓਂ ਨੂੰ ਪੁੱਛ ਹੀ ਲਿਆ, ਭਾਈਆ! ਬੂੜ ਸਿਆਂ, ਆਹਾ ‘ਕਾਮਨ ਸੈਂਸ’ ਕੀ ਹੁੰਦਾ ਭਲਾ? ਪਹਿਲਾਂ ਕਦੀ ਨਈਂ ਸੁਣਿਆਂ ਸਹੁਰੀ ਦਾ ਕਹਿੰਦੇ ਇਹਦੇ ਨਾਲ ਝਾੜ ਵੱਧ ਜਾਂਦਾ ਫ਼ਸਲ ਦਾ।  

Sunday, June 30, 2013

ਲੇਖ (ਚਲੰਤ ਮਸਲੇ)




ਪੰਜਾਬੀ ਮਾਂ-ਬੋਲੀ ਦਾ ਵਿਗੜ ਰਿਹਾ ਮੁਹਾਂਦਰਾ ਅਤੇ ਨੌਜੁਆਨ ਪੀੜ੍ਹੀ


ਵਿਸ਼ਾ “ਪੰਜਾਬ ਵਿਚ ਹੀ ਪੰਜਾਬੀ ਮਾਂ-ਬੋਲੀ ਦਾ ਬੁਰਾ ਹਾਲ” ਅੱਜਕੱਲ ਪੰਜਾਬੀ ਅਖ਼ਬਾਰਾਂ, ਸਾਹਿਤਕ ਰਸਾਲਿਆਂ ਅਤੇ ਹੋਰ ਪੰਜਾਬੀ ਮੀਡੀਏ ‘ਚ ਵੱਖ-ਵੱਖ ਰੂਪਾਂ ਵਿਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤਹਿਤ ਪੰਜਾਬ ਵਿਚ ਚੱਲ ਰਹੇ ਇਕ ਨਵੇਂ ਰੁਝਾਨ ਦੀ ਵਿਚਾਰ-ਚਰਚਾ ਛਿੜੀ ਹੈ। ਇਹ ਰੁਝਾਨ ਇਹ ਹੈ ਕਿ ਅੱਜਕੱਲ ਪੰਜਾਬ ਵਿਚਲੀ ਅਜੋਕੀ ਨੌਜੁਆਨ ਪੀੜ੍ਹੀ ਪੰਜਾਬੀ ਭਾਸ਼ਾ ਦੇ ਮਾਨ-ਸਨਮਾਨ ਨੂੰ ਕਿਵੇਂ ਭੁੱਲ ਚੁੱਕੀ ਹੈ ਅਤੇ ਪੰਜਾਬ ਵਿਚ ਹੀ ਥਾਂ-ਕੁਥਾਂ ਕਿੰਝ ਇਸ ਦਾ ਅਪਮਾਨ ਕੀਤਾ ਜਾ ਰਿਹਾ ਹੈ। ਮੰਦਭਾਗੀ ਗੱਲ ਇਹ ਹੈ ਕਿ ਏਨੇ ਰੌਲ਼ੇ-ਰੱਪੇ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ। ਕਿਸੇ ਬੁੱਧੀਜੀਵੀ ਦੀ ਸਮਝ ਵਿਚ ਇਹ ਨਹੀਂ ਆ ਰਿਹਾ ਹੈ ਕਿ ਅੱਜ ਪੰਜਾਬ ਦੀ ਧਰਤੀ ‘ਤੇ ਹੌਲ਼ੀ-ਹੌਲ਼ੀ ਪੰਜਾਬੀ ਭਾਸ਼ਾ ਵਿੱਚੋਂ ਕੁਝ ਹੋਰ ਹੀ ਊਲ-ਜਲੂਲ ਭਾਸ਼ਾਵਾਂ ਜਨਮ ਲੈ ਰਹੀਆਂ ਹਨ।

ਪਹਿਲੀ ਗੱਲ, ਭਾਸ਼ਾ ਦੇ ਲਿਖਤੀ ਰੂਪ ਵਿਚ ਵਿਗਾੜ ਆਉਣ ਦੀ ਹੈ। ਨੌਜੁਆਨ ਸ਼ੌਕੀਨ-ਮੁੰਡੀਰ ਆਪਣੇ ਸਕੂਟਰ, ਮੋਟਰ-ਸਾਇਕਲ, ਗੱਡੀਆਂ, ਟਰੈਕਟਰ-ਟਰਾਲੀਆਂ ਆਦਿ ਦੇ ਅੱਗੇ-ਪਿਛੇ ਜੋ ਸਲੋਗਨ, ਮੁਹਾਵਰੇ ਅਤੇ ਲੋਕੋਕਤੀਆਂ ਆਦਿ ਲਿਖਵਾਈ ਫਿਰਦੀ ਹੈ ਜਾਂ ਕਿਸੇ ਹੋਰ ਜਨਤਕ ਥਾਂਵਾਂ ਜਾਂ ਵਾਹਨਾਂ ਉਪਰ ਲਿਖੇ ਕਥਿਤ ਸਲੋਗਨਜ਼ ਵਿਚ ਸ਼ਬਦ-ਜੋੜ ਅਤੇ ਵਿਆਕਰਣ ਦੀਆਂ ਕਈ ਤਰੁੱਟੀਆਂ ਨਜ਼ਰ ਆਉਂਦੀਆਂ ਹਨ। ਇਹ ਗੱਲ ਗੰਭੀਰ ਅਤੇ ਸੋਲ਼ਾ ਆਨੇ ਸੱਚ ਹੈ। ਮਿਸਾਲ ਦੇ ਤੌਰ ‘ਤੇ:


'ਅਗਰੇਜ ਖਗੇ ਸੀ ਤਾ ਟਗੇ ਸੀ '

“ਮੁਰਖਾ ਸੱਗਲ ਨਾ ਫੜ”

“ਸਿਰਗਟ ਪਿਣਾ ਮੰਨਾ ਹੈ”

“ਜੇ ਜਵਾਨ ਜੇ ਕਿਸਾਨ”    

     


Tuesday, January 22, 2013

ਕਵਿਤਾ/ਨਜ਼ਮ


ਕੀ ਏ ਸੱਭਿਆਚਾਰ ਪੰਜਾਬੀ?

ਕੀ ਹੁੰਦਾ ਪੰਜਾਬ ਏ ਸੱਜਣਾ, ਕਿਸਨੂੰ ਕਹਿੰਦੇ ਅਣਖ ਪੰਜਾਬੀ?
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?

 
ਜਨਮ ਲਿਆ ਭਾਵੇਂ ਏਸ ਭੋਇੰ ‘ਤੇ, ਪੰਜਾਬ ਦੀ ਖ਼ੁਸ਼ਬੂ ਰੋਇੰ-ਰੋਇੰ ‘ਤੇ,
ਲਿਖਣ ‘ਤੇ ਬੋਲਣ ਠੇਠ ਮਾਂ-ਬੋਲੀ, ਭੁੱਲਦੇ ਨਹੀਂ ਸਤਿਕਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?

 
ਪਹਿਚਾਣ ਪਹਿਰਾਵੇ ਦੀ ਨੂੰ ਗੁੜ੍ਹਤਾ , ਸਲਵਾਰ-ਕਮੀਜ਼, ਪਜਾਮਾ-ਕੁੜਤਾ 
ਤੁਰ੍ਹਲੇ ਵਾਲੀ ਪੱਗ ਵੀ ਬੰਨ੍ਹਦੇ, ਕਦੇ-ਕਦੇ ‘ਸ਼ਾਹਕਾਰ’ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?

Monday, November 19, 2012

ਕਵਿਤਾ/ਨਜ਼ਮ


ਸੋਹਣੀ ਪਤਝੜ

ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ 

ਭੂਰੇ, ਲਾਲ ਤੇ ਪੀਲ਼ੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਇੰ ਤੇ ਡਿਗਦੇ , ਨਟਖਟ ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।

ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ਼ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁਟ-ਘੁਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।